Friday, December 23, 2011

ਤੇਰੇ ਇਸ਼ਕ ਵਿੱਚ ਨੀ ਮੁਟਿਆਰੇ।

ਤੇਰੇ ਇਸ਼ਕ ਵਿੱਚ ਨੀ ਮੁਟਿਆਰੇ।
ਅਸਾਂ ਛੱਡ ਦਿੱਤੇ ਤਖਤ ਹਜ਼ਾਰੇ।।
 
ਇਸ਼ਕ ਲਈ ਅਸੀਂ ਇੱਕ ਨਾਂ ਮੰਨੀ,
ਲੱਖ ਸਮਝਾਉਂਦੇ ਰਹੇ ਯਾਰ ਪਿਆਰੇ।
 

ਲੋੜ ਤਾਂ ਹੈ ਹਾਸਿਆਂ ਦੀ ਸਾਨੂੰ,
ਪਰ ਹਾਸੇ ਕਿੱਥੋਂ ਲਈਏ ਉਧਾਰੇ।
 
ਹਰ ਕੋਈ ਤੁਰਦਾ ਏ ਰਾਹੇ ਇਸ਼ਕ ਤੇ,
ਪਰ ਇਸ ਨੂੰ ਨਹੀਂ ਪਾਉਂਦੇ ਸਾਰੇ ।
 
ਨਾਂ ਜਿਉਂਦੇ ਹਨ ਤੇ ਨਾਂ ਮਰਦੇ ਹਨ,
ਜਿਨ੍ਹਾਂ ਨੂੰ ਲੱਗੇ ਇਸ਼ਕ ਦੇ ਲਾਰੇ।
 
ਮੇਰੀ ਉਜੜੀ ਹੋਈ ਜ਼ਿੰਦਗੀ'ਚ
"ਨਜ਼ੀਲ" ਕੋਈ ਤਾਂ ਮਹਿਕ ਖਿਲਾਰੇ।।

Tuesday, December 13, 2011

ਸ਼ਾਇਦ ਤਾਂ ਹੋ ਗਈ ਏ ਉਦਾਸ ਜ਼ਿੰਦਗੀ॥

ਖਾਬਾਂ ਵਿੱਚੋਂ ਰਹੇ ਹਾਂ ਤਲਾਸ਼ ਜ਼ਿੰਦਗੀ॥
ਹਿਜ਼ਰਾਂ ਤੇ ਰਹੇ ਹਾਂ ਤਰਾਸ਼ ਜ਼ਿੰਦਗੀ ।
ਲੋਕੀ ਭਾਵੇਂ ਸਮਝਣ ਇਸ ਨੂੰ ਜਿਵੇਂ ਵੀ,
ਪਰ ਮੇਰੇ ਵਾਸਤੇ,ਇਹ ਹੈ ਖਾਸ ਜ਼ਿੰਦਗੀ।
ਅਰਮਾਂ ਨੇ ਬਹੁਤ ਦਿਲ'ਚ,ਪਰ ਵਕਤ ਨਹੀਂ,
ਘਟਦੀ ਜਾਵੇ ਸੁਆਸੋ-ਸੁਆਸ ਜ਼ਿੰਦਗੀ॥
ਦਿਖਦੀ ਕਦ ਹੈ ਮੁਹੱਬਤ ਭਲਾ ਕਿਸੇ ਨੂੰ,
ਮਹਿਸੂਸ ਕਰੇ ਅਰਸਰ ਅਹਿਸਾਸ ਜ਼ਿੰਦਗੀ॥
ਆ ਚੱਲੀਏ ਦਿਲਾ !ਆ ਮੁੜ ਚੱਲ ਵਤਨ ਨੂੰ,
ਬੈਠੀ ਏ ਜਿੱਥੇ,ਬਣ ਇੱਕ ਲਾਸ਼ ਜ਼ਿੰਦਗੀ॥
ਮੁੱਦਤ ਹੋਈ ਵਿਛੜਿਆਂ"ਨਜ਼ੀਲ" ਉਸ ਤੋਂ,
ਸ਼ਾਇਦ ਤਾਂ ਹੋ ਗਈ ਏ ਉਦਾਸ ਜ਼ਿੰਦਗੀ॥

Thursday, December 8, 2011

ਰਾਤਾਂ ਨੂੰ ਜਾਗਾਂ ਤਾਂ ਨਾਲ ਜਾਗਦੇ ਨੇ ਤਾਰੇ ਨੀਂ,

ਰਾਤਾਂ ਨੂੰ ਜਾਗਾਂ ਤਾਂ ਨਾਲ ਜਾਗਦੇ ਨੇ ਤਾਰੇ ਨੀਂ,
ਜਦ ਤੂੰ ਆਵੇਂ ਚੇਤੇ ਤਾਂ ਭੁੱਲ ਜਾਂਦੇ ਨੇ ਸਾਰੇ ਨੀਂ।

ਬਹੁਤ ਸਤਾਉਦੇ ਨੇ ਯਾਰ ਨਾਂਉ ਲੈ ਕੇ ਤੇਰਾ,
ਕਿ ਕੋਈ ਪੁੱਛਦਾ ਏ ਤੈਥੋਂ ਵੀ ਮੇਰੇ ਬਾਰੇ ਨੀਂ।

ਕਰਾਂ ਤੇ ਕਰਾਂ ਵੀ ਕੀ  ਸੋਚਣ ਤੋਂ ਬਿਨਾ ਮੈਂ,
ਜਦ ਤੱਕ ਲਗਦੀ ਨਹੀਂ ਗੱਲ ਕਿਸੇ ਕਿਨਾਰੇ ਨੀਂ,

ਡਰ ਲਗਦਾ ਏ ਮਾਪਿਆਂ ਦੀ ਬਦਨਾਮੀ ਦਾ,
ਪਰ ਛੱਡਣਾ ਤੈਨੂੰ ਵੀ ਨਹੀਂ ਅੱਧ ਵਿਚਕਾਰੇ ਨੀਂ,

ਬੜੀ ਅਜ਼ੀਬ ਕਹਾਣੀ ਏ "ਨਜ਼ੀਲ"ਇਸ਼ਕ ਦੀ,
ਬਿਗਾਨੇ ਵੀ ਹੋ ਜਾਂਦੇ ਨੇ ਜਾਨ ਤੋਂ ਪਿਆਰੇ ਨੀਂ.
Related Posts Plugin for WordPress, Blogger...