Sunday, August 13, 2023

ਖੁਸ਼ੀਆਂ ਲੈ ਆਵੇ ਉਹ ਆਵਣ ਲੱਗਿਆਂ

 ਖੁਸ਼ੀਆਂ ਲੈ ਆਵੇ ਉਹ ਆਵਣ ਲੱਗਿਆਂ ||

ਦਿੰਦਾ ਏ ਗ਼ਮ ਸਾਨੂੰ ਜਾਵਣ ਲੱਗਿਆਂ ||

ਖ਼ੌਰੇ ਕਿਉਂ ਸਮਝੇ ਨ੍ਹੀ ਬੋਲੀ ਪਿਆਰ ਦੀ ਉਹ ,

ਉਮਰ ਬੀਤ ਗਈ ਸਾਡੀ ਸਮਝਾਵਣ ਲੱਗਿਆਂ ||

ਭੋਲਾ ਸੱਜਣ ਹਾਲ ਦਿਲ ਦਾ ਦੱਸ ਗਿਆ ,

ਗੱਲਾਂ ਹੋਰਾਂ ਦੀਆਂ ਸੁਣਾਵਣ ਲੱਗਿਆਂ ||

ਬੜਾ ਜੀ ਕਰਦੈ ਗੱਲ ਕਰਾਂ ਉਸ ਨਾਲ ,

ਪਰ ਸੰਗ ਜਾਈਦੈ ਬੁਲਾਵਣ ਲੱਗਿਆਂ ||

ਪਤਾ ਨਹੀਂ ਕੀ ਦਰਦ ਹੈ ਉਸ ਦੇ ਦਿਲ'ਚ,

ਖ਼ੁਦ ਰੋ ਪਿਆ ਮੈਨੂੰ ਵਰਾਵਣ ਲੱਗਿਆਂ | |

ਨਜ਼ੀਲਾ ਸੌ ਵਾਰੀ ਚੇਤੇ ਕਰਦੇ ਹਾਂ ਤੈਨੂੰ 

ਤੂੰ ਦੇਰ ਨਾਂ ਲਾਈ ਭੁਲਾਵਣ ਲੱਗਿਆਂ ||













































  


Monday, August 7, 2023

ਨਾਂ ਉਹ ਦਿਨ ਰਹੇ ਨੇ , ਨਾਂ ਇਹ ਦਿਨ ਰਹਿਣੇ ਨੇ ,

 ਮਾਪਿਆਂ ਕੋਲੇ ਬਹਿ ਕੇ ਦਿਲ ਦੇ ਦੁਖੜੇ ਫੋਲਾਂਗੇ |

ਅੱਜ ਆਪਣੇ ਦਰਦਾਂ ਦੀਆਂ ਵੀ ਪਰਤਾਂ ਖੋਲ੍ਹਾਂਗੇ |

ਜੇ ਸਹਿ ਨਾਂ ਸਕੇ ਅਸੀਂ ਇਹਨਾਂ  ਚੰਦਰੇਂ ਦਰਦਾਂ ਨੂੰ, 

ਤਾਂ ਮਾਪਿਆਂ ਦੀ ਗੋਦੀ ਚ ਸਿਰ ਰੱਖ  ਕੇ ਰੋ ਲਾਂਗੇ |

ਕਿੱਥੋਂ ਦੱਸ ਹੋਣੀਆਂ ਨੇ ਗੱਲਾਂ ਮਾੜੇ ਹਾਲਾਤਾਂ ਦੀਆਂ ,

ਜੋ ਵੀ ਦੱਸਣਾ ਹੋਇਆ ਬੜਾ ਸੋਚ ਸਮਝ ਕੇ ਬੋਲਾਂਗੇ |

ਨਾਂ ਉਹ ਦਿਨ ਰਹੇ ਨੇ , ਨਾਂ  ਇਹ ਦਿਨ ਰਹਿਣੇ ਨੇ ,

ਫੇਰ ਦੱਸ ਕਿਉਂ ਮਾਜ਼ੀ ਨੂੰ ਚੇਤੇ ਕਰ ਅੱਥਰੂ ਡੋਲ੍ਹਾਂਗੇ |

ਇਹ ਤਾਂ ਹੋ ਨੀ ਸਕਦਾ ਕਿ ਸੱਖਣੇ ਹਾਂ ਖੁਸ਼ੀਆਂ ਤੋਂ ,

ਅੱਜ ਬਹਿ ਕੇ ਆਪਾਂ ਜ਼ਿੰਦਗੀ ਚੋਂ ਖੁਸ਼ੀਆਂ ਟੋਲਾਂਗੇ |

ਜਦ ਵੀ ਦਿਲ ਕਰੇ, ਆ ਜਾਵੀਂ ਦਿਲ ਦੇ ਮਕਾਨ'ਚ,

ਹੋ ਨਹੀਂ ਸਕਦਾ ਨਜ਼ੀਲਾ ਤੇਰੇ ਲਈ ਬੂਹੇ ਢੋ ਲਾਂਗੇ |

Monday, February 6, 2023

ਜ਼ਿੰਦਗੀ ਕਿੱਥੋਂ ਤੋਂ ਕਿੱਥੇ ਲੈ ਆਈ ਮੈਨੂੰ

 

ਜ਼ਿੰਦਗੀ ਕਿੱਥੋਂ ਤੋਂ ਕਿੱਥੇ ਲੈ ਆਈ ਮੈਨੂੰ,

ਚਾਹ ਕੇ ਵੀ  ਪਿੱਛੇ ਮੁੜ ਨਹੀਂ ਸਕਦਾ ਮੈਂ |

ਟੁੱਟ ਗਿਆ ਹਾਂ ਟਾਹਣੀ ਦੇ ਪੱਤੇ ਵਾਂਗ,

ਜ਼ੋਰ ਲਾਕੇ ਵੀ ਫਿਰ ਜੁੜ ਨਹੀਂ ਸਕਦਾ ਮੈਂ |

ਮੰਨਦਾ ਹਾਂ  ਮੈਂ ਕੇ ਬਹੁਤ  ਦੂਰ ਹਾਂ ਮਾਂ ਤੋਂ,

ਉਸ ਦੀਆਂ ਦੁਆਵਾਂ ਤੋਂ ਥੁੜ ਨਹੀਂ ਸਕਦਾ ਮੈਂ |

ਬਹੁਤ ਚੀਜਾਂ ਨੇ ਖਾਣ ਪੀਣ ਦੀਆਂ ਪਰ,

ਭੁੱਲ  ਘਰ ਦਾ ਗੁੜ ਨਹੀਂ ਸਕਦਾ ਮੈਂ |

ਸਬਰ ਦੇ ਦਿੱਤਾ ਪ੍ਰਮਾਤਮਾ ਨੇ ਮੈਨੂੰ ,

ਹਰ ਗੱਲ ਤੇ ਕਰ ਬੁੜ-ਬੁੜ ਨਹੀਂ ਸਕਦਾ ਮੈਂ |

Sunday, January 15, 2012

ਆਵੇਗਾ ਉਸ ਨੂੰ ਮੇਰੇ ਤੇ ਪਿਆਰ ਕਦੀ ਨਾ ਕਦੀ

ਆਵੇਗਾ ਉਸ ਨੂੰ ਮੇਰੇ ਤੇ ਪਿਆਰ ਕਦੀ ਨਾ ਕਦੀ।
ਮੁੱਕ ਜਾਵੇਗਾ ਮੇਰਾ ਵੀ ਇੰਤਜ਼ਾਰ ਕਦੀ ਨਾ ਕਦੀ।।

ਭਾਵੇਂ ਲੱਖ ਓਹਲੇ ਹੋਕੇ ਲੰਘ ਜਾਵਣ ਉਹ ਫਿਰ ਵੀ ,
ਬਣਨਾ ਏਂ ਉਸ ਮੇਰੀ ਜਿੰਦ ਦਾ ਸ਼ਿੰਗਾਰ ਕਦੀ ਨਾ ਕਦੀ ।।

ਜੇਕਰ ਆ ਗਈ  ਜਾਗ ਕਦੀ ਭੋਲਿਆਂ ਲੋਕਾਂ ਨੂੰ ਤਾਂ,
ਫਿੱਟ ਜਾਣਗੇ ਫਿਰ ਇਹ ਰੰਗੇ ਸਿਆਰ ਕਦੀ ਨਾ ਕਦੀ।

ਕਿ ਹੋਇਆ ਜੇ ਕਹਿੰਦੇ ਨੇ ਸਾਨੂੰ ਵਿਹਲੜ ਸਾਰੇ  ,
ਛੱਡ ਦਿਆਂਗੇ ਅਸੀਂ ਵੀ ਇਹ ਕਿਰਦਾਰ ਕਦੀ ਨਾ  ਕਦੀ।

ਉਲਫਤ ਵੀ ਵਿਕਣ ਲੱਗੀ ਏ ,ਹੁਣ ਤਾਂ ਲਗਦੈ ਨਜ਼ੀਲ ,
ਲੱਗਿਆ  ਕਰਣਗੇ ਦਿਲਾਂ ਦੇ ਵੀ ਬਜ਼ਾਰ ਕਦੀ ਨਾ ਕਦੀ
|.

Friday, December 23, 2011

ਤੇਰੇ ਇਸ਼ਕ ਵਿੱਚ ਨੀ ਮੁਟਿਆਰੇ।

ਤੇਰੇ ਇਸ਼ਕ ਵਿੱਚ ਨੀ ਮੁਟਿਆਰੇ।
ਅਸਾਂ ਛੱਡ ਦਿੱਤੇ ਤਖਤ ਹਜ਼ਾਰੇ।।
 
ਇਸ਼ਕ ਲਈ ਅਸੀਂ ਇੱਕ ਨਾਂ ਮੰਨੀ,
ਲੱਖ ਸਮਝਾਉਂਦੇ ਰਹੇ ਯਾਰ ਪਿਆਰੇ।
 

ਲੋੜ ਤਾਂ ਹੈ ਹਾਸਿਆਂ ਦੀ ਸਾਨੂੰ,
ਪਰ ਹਾਸੇ ਕਿੱਥੋਂ ਲਈਏ ਉਧਾਰੇ।
 
ਹਰ ਕੋਈ ਤੁਰਦਾ ਏ ਰਾਹੇ ਇਸ਼ਕ ਤੇ,
ਪਰ ਇਸ ਨੂੰ ਨਹੀਂ ਪਾਉਂਦੇ ਸਾਰੇ ।
 
ਨਾਂ ਜਿਉਂਦੇ ਹਨ ਤੇ ਨਾਂ ਮਰਦੇ ਹਨ,
ਜਿਨ੍ਹਾਂ ਨੂੰ ਲੱਗੇ ਇਸ਼ਕ ਦੇ ਲਾਰੇ।
 
ਮੇਰੀ ਉਜੜੀ ਹੋਈ ਜ਼ਿੰਦਗੀ'ਚ
"ਨਜ਼ੀਲ" ਕੋਈ ਤਾਂ ਮਹਿਕ ਖਿਲਾਰੇ।।

Tuesday, December 13, 2011

ਸ਼ਾਇਦ ਤਾਂ ਹੋ ਗਈ ਏ ਉਦਾਸ ਜ਼ਿੰਦਗੀ॥

ਖਾਬਾਂ ਵਿੱਚੋਂ ਰਹੇ ਹਾਂ ਤਲਾਸ਼ ਜ਼ਿੰਦਗੀ॥
ਹਿਜ਼ਰਾਂ ਤੇ ਰਹੇ ਹਾਂ ਤਰਾਸ਼ ਜ਼ਿੰਦਗੀ ।
ਲੋਕੀ ਭਾਵੇਂ ਸਮਝਣ ਇਸ ਨੂੰ ਜਿਵੇਂ ਵੀ,
ਪਰ ਮੇਰੇ ਵਾਸਤੇ,ਇਹ ਹੈ ਖਾਸ ਜ਼ਿੰਦਗੀ।
ਅਰਮਾਂ ਨੇ ਬਹੁਤ ਦਿਲ'ਚ,ਪਰ ਵਕਤ ਨਹੀਂ,
ਘਟਦੀ ਜਾਵੇ ਸੁਆਸੋ-ਸੁਆਸ ਜ਼ਿੰਦਗੀ॥
ਦਿਖਦੀ ਕਦ ਹੈ ਮੁਹੱਬਤ ਭਲਾ ਕਿਸੇ ਨੂੰ,
ਮਹਿਸੂਸ ਕਰੇ ਅਰਸਰ ਅਹਿਸਾਸ ਜ਼ਿੰਦਗੀ॥
ਆ ਚੱਲੀਏ ਦਿਲਾ !ਆ ਮੁੜ ਚੱਲ ਵਤਨ ਨੂੰ,
ਬੈਠੀ ਏ ਜਿੱਥੇ,ਬਣ ਇੱਕ ਲਾਸ਼ ਜ਼ਿੰਦਗੀ॥
ਮੁੱਦਤ ਹੋਈ ਵਿਛੜਿਆਂ"ਨਜ਼ੀਲ" ਉਸ ਤੋਂ,
ਸ਼ਾਇਦ ਤਾਂ ਹੋ ਗਈ ਏ ਉਦਾਸ ਜ਼ਿੰਦਗੀ॥

Thursday, December 8, 2011

ਰਾਤਾਂ ਨੂੰ ਜਾਗਾਂ ਤਾਂ ਨਾਲ ਜਾਗਦੇ ਨੇ ਤਾਰੇ ਨੀਂ,

ਰਾਤਾਂ ਨੂੰ ਜਾਗਾਂ ਤਾਂ ਨਾਲ ਜਾਗਦੇ ਨੇ ਤਾਰੇ ਨੀਂ,
ਜਦ ਤੂੰ ਆਵੇਂ ਚੇਤੇ ਤਾਂ ਭੁੱਲ ਜਾਂਦੇ ਨੇ ਸਾਰੇ ਨੀਂ।

ਬਹੁਤ ਸਤਾਉਦੇ ਨੇ ਯਾਰ ਨਾਂਉ ਲੈ ਕੇ ਤੇਰਾ,
ਕਿ ਕੋਈ ਪੁੱਛਦਾ ਏ ਤੈਥੋਂ ਵੀ ਮੇਰੇ ਬਾਰੇ ਨੀਂ।

ਕਰਾਂ ਤੇ ਕਰਾਂ ਵੀ ਕੀ  ਸੋਚਣ ਤੋਂ ਬਿਨਾ ਮੈਂ,
ਜਦ ਤੱਕ ਲਗਦੀ ਨਹੀਂ ਗੱਲ ਕਿਸੇ ਕਿਨਾਰੇ ਨੀਂ,

ਡਰ ਲਗਦਾ ਏ ਮਾਪਿਆਂ ਦੀ ਬਦਨਾਮੀ ਦਾ,
ਪਰ ਛੱਡਣਾ ਤੈਨੂੰ ਵੀ ਨਹੀਂ ਅੱਧ ਵਿਚਕਾਰੇ ਨੀਂ,

ਬੜੀ ਅਜ਼ੀਬ ਕਹਾਣੀ ਏ "ਨਜ਼ੀਲ"ਇਸ਼ਕ ਦੀ,
ਬਿਗਾਨੇ ਵੀ ਹੋ ਜਾਂਦੇ ਨੇ ਜਾਨ ਤੋਂ ਪਿਆਰੇ ਨੀਂ.
Related Posts Plugin for WordPress, Blogger...