Sunday, August 13, 2023

ਖੁਸ਼ੀਆਂ ਲੈ ਆਵੇ ਉਹ ਆਵਣ ਲੱਗਿਆਂ

 ਖੁਸ਼ੀਆਂ ਲੈ ਆਵੇ ਉਹ ਆਵਣ ਲੱਗਿਆਂ ||

ਦਿੰਦਾ ਏ ਗ਼ਮ ਸਾਨੂੰ ਜਾਵਣ ਲੱਗਿਆਂ ||

ਖ਼ੌਰੇ ਕਿਉਂ ਸਮਝੇ ਨ੍ਹੀ ਬੋਲੀ ਪਿਆਰ ਦੀ ਉਹ ,

ਉਮਰ ਬੀਤ ਗਈ ਸਾਡੀ ਸਮਝਾਵਣ ਲੱਗਿਆਂ ||

ਭੋਲਾ ਸੱਜਣ ਹਾਲ ਦਿਲ ਦਾ ਦੱਸ ਗਿਆ ,

ਗੱਲਾਂ ਹੋਰਾਂ ਦੀਆਂ ਸੁਣਾਵਣ ਲੱਗਿਆਂ ||

ਬੜਾ ਜੀ ਕਰਦੈ ਗੱਲ ਕਰਾਂ ਉਸ ਨਾਲ ,

ਪਰ ਸੰਗ ਜਾਈਦੈ ਬੁਲਾਵਣ ਲੱਗਿਆਂ ||

ਪਤਾ ਨਹੀਂ ਕੀ ਦਰਦ ਹੈ ਉਸ ਦੇ ਦਿਲ'ਚ,

ਖ਼ੁਦ ਰੋ ਪਿਆ ਮੈਨੂੰ ਵਰਾਵਣ ਲੱਗਿਆਂ | |

ਨਜ਼ੀਲਾ ਸੌ ਵਾਰੀ ਚੇਤੇ ਕਰਦੇ ਹਾਂ ਤੈਨੂੰ 

ਤੂੰ ਦੇਰ ਨਾਂ ਲਾਈ ਭੁਲਾਵਣ ਲੱਗਿਆਂ ||













































  


Monday, August 7, 2023

ਨਾਂ ਉਹ ਦਿਨ ਰਹੇ ਨੇ , ਨਾਂ ਇਹ ਦਿਨ ਰਹਿਣੇ ਨੇ ,

 ਮਾਪਿਆਂ ਕੋਲੇ ਬਹਿ ਕੇ ਦਿਲ ਦੇ ਦੁਖੜੇ ਫੋਲਾਂਗੇ |

ਅੱਜ ਆਪਣੇ ਦਰਦਾਂ ਦੀਆਂ ਵੀ ਪਰਤਾਂ ਖੋਲ੍ਹਾਂਗੇ |

ਜੇ ਸਹਿ ਨਾਂ ਸਕੇ ਅਸੀਂ ਇਹਨਾਂ  ਚੰਦਰੇਂ ਦਰਦਾਂ ਨੂੰ, 

ਤਾਂ ਮਾਪਿਆਂ ਦੀ ਗੋਦੀ ਚ ਸਿਰ ਰੱਖ  ਕੇ ਰੋ ਲਾਂਗੇ |

ਕਿੱਥੋਂ ਦੱਸ ਹੋਣੀਆਂ ਨੇ ਗੱਲਾਂ ਮਾੜੇ ਹਾਲਾਤਾਂ ਦੀਆਂ ,

ਜੋ ਵੀ ਦੱਸਣਾ ਹੋਇਆ ਬੜਾ ਸੋਚ ਸਮਝ ਕੇ ਬੋਲਾਂਗੇ |

ਨਾਂ ਉਹ ਦਿਨ ਰਹੇ ਨੇ , ਨਾਂ  ਇਹ ਦਿਨ ਰਹਿਣੇ ਨੇ ,

ਫੇਰ ਦੱਸ ਕਿਉਂ ਮਾਜ਼ੀ ਨੂੰ ਚੇਤੇ ਕਰ ਅੱਥਰੂ ਡੋਲ੍ਹਾਂਗੇ |

ਇਹ ਤਾਂ ਹੋ ਨੀ ਸਕਦਾ ਕਿ ਸੱਖਣੇ ਹਾਂ ਖੁਸ਼ੀਆਂ ਤੋਂ ,

ਅੱਜ ਬਹਿ ਕੇ ਆਪਾਂ ਜ਼ਿੰਦਗੀ ਚੋਂ ਖੁਸ਼ੀਆਂ ਟੋਲਾਂਗੇ |

ਜਦ ਵੀ ਦਿਲ ਕਰੇ, ਆ ਜਾਵੀਂ ਦਿਲ ਦੇ ਮਕਾਨ'ਚ,

ਹੋ ਨਹੀਂ ਸਕਦਾ ਨਜ਼ੀਲਾ ਤੇਰੇ ਲਈ ਬੂਹੇ ਢੋ ਲਾਂਗੇ |

Monday, February 6, 2023

ਜ਼ਿੰਦਗੀ ਕਿੱਥੋਂ ਤੋਂ ਕਿੱਥੇ ਲੈ ਆਈ ਮੈਨੂੰ

 

ਜ਼ਿੰਦਗੀ ਕਿੱਥੋਂ ਤੋਂ ਕਿੱਥੇ ਲੈ ਆਈ ਮੈਨੂੰ,

ਚਾਹ ਕੇ ਵੀ  ਪਿੱਛੇ ਮੁੜ ਨਹੀਂ ਸਕਦਾ ਮੈਂ |

ਟੁੱਟ ਗਿਆ ਹਾਂ ਟਾਹਣੀ ਦੇ ਪੱਤੇ ਵਾਂਗ,

ਜ਼ੋਰ ਲਾਕੇ ਵੀ ਫਿਰ ਜੁੜ ਨਹੀਂ ਸਕਦਾ ਮੈਂ |

ਮੰਨਦਾ ਹਾਂ  ਮੈਂ ਕੇ ਬਹੁਤ  ਦੂਰ ਹਾਂ ਮਾਂ ਤੋਂ,

ਉਸ ਦੀਆਂ ਦੁਆਵਾਂ ਤੋਂ ਥੁੜ ਨਹੀਂ ਸਕਦਾ ਮੈਂ |

ਬਹੁਤ ਚੀਜਾਂ ਨੇ ਖਾਣ ਪੀਣ ਦੀਆਂ ਪਰ,

ਭੁੱਲ  ਘਰ ਦਾ ਗੁੜ ਨਹੀਂ ਸਕਦਾ ਮੈਂ |

ਸਬਰ ਦੇ ਦਿੱਤਾ ਪ੍ਰਮਾਤਮਾ ਨੇ ਮੈਨੂੰ ,

ਹਰ ਗੱਲ ਤੇ ਕਰ ਬੁੜ-ਬੁੜ ਨਹੀਂ ਸਕਦਾ ਮੈਂ |

Related Posts Plugin for WordPress, Blogger...